ਸੰਸਕਾਰ ਵੈਲੀ ਸਮਾਰਟ ਸਕੂਲ ਭਵਾਨੀਗੜ੍ਹ 'ਚ ਮਾਂ ਦਿਵਸ ਨੂੰ ਸਮਰਪਿਤ ਓਪਨ ਆਰਟ ਮੁਕਾਬਲੇ ਕਰਵਾਏ ਗਏ
ਦਲਜੀਤ ਕੌਰ
ਭਵਾਨੀਗੜ੍ਹ, 8 ਮਈ, 2024: ਸੰਸਕਾਰ ਵੈਲੀ ਸਮਾਰਟ ਸਕੂਲ ਭਵਾਨੀਗੜ੍ਹ ਵਿੱਚ ਸ਼ੁਰੂ ਤੋਂ ਹੀ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਪੜ੍ਹਾਈ ਦੇ ਨਾਲ-ਨਾਲ ਵੱਖ-ਵੱਖ ਗਤੀਵਿਧੀਆਂ ਦਾ ਪ੍ਰਬੰਧ ਕੀਤਾ ਗਿਆ ਹੈ। ਸਕੂਲ ਆਪਣੇ ਬੱਚਿਆਂ ਦੇ ਨਾਲ-ਨਾਲ ਨੇੜਲੇ ਸਕੂਲਾਂ ਦੇ ਬੱਚਿਆਂ ਨੂੰ ਵੀ ਆਪਣੀ ਕਲਾ ਦਾ ਪ੍ਰਦਰਸ਼ਨ ਕਰਨ ਦੇ ਕਈ ਮੌਕੇ ਪ੍ਰਦਾਨ ਕਰਦਾ ਹੈ। ਇਸ ਉਦੇਸ਼ ਨੂੰ ਮੁੱਖ ਰੱਖਦਿਆਂ ਸਕੂਲ ਪ੍ਰਬੰਧਕ ਧਰਮਵੀਰ ਗਰਗ, ਈਸ਼ਵਰ ਬਾਂਸਲ ਅਤੇ ਸੰਜੀਵ ਗੋਇਲ ਦੀ ਅਗਵਾਈ ਹੇਠ ਸਕੂਲ 'ਚ ਇੱਕ ਓਪਨ ਆਰਟ ਮੁਕਾਬਲਾ ਕਰਵਾਇਆ ਗਿਆ, ਜਿਸ ਦਾ ਮੁੱਖ ਵਿਸ਼ਾ ਮਾਂ ਦਿਵਸ ਸੀ। ਇਸ ਮੁਕਾਬਲੇ ਵਿੱਚ ਭਵਾਨੀਗੜ੍ਹ, ਨਾਭਾ ਅਤੇ ਸੰਗਰੂਰ ਦੇ ਆਲੇ-ਦੁਆਲੇ ਦੇ ਵੱਖ-ਵੱਖ ਸਕੂਲਾਂ ਦੇ 230 ਦੇ ਕਰੀਬ ਬੱਚਿਆਂ ਨੇ ਭਾਗ ਲਿਆ। ਸਕੂਲ ਨੇ ਪਹਿਲੀ ਜਮਾਤ ਤੋਂ ਲੈ ਕੇ ਦਸਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਤਿੰਨ ਸ਼੍ਰੇਣੀਆਂ ਵਿੱਚ ਵੰਡਿਆ। ਬੱਚਿਆਂ ਵੱਲੋਂ ਮਾਂ ਦਿਵਸ ਨਾਲ ਸਬੰਧਤ ਬਹੁਤ ਹੀ ਸੁੰਦਰ ਚਿੱਤਰ ਬਣਾਏ ਗਏ। ਸਾਰੇ ਬੱਚੇ ਡਰਾਇੰਗ ਬਣਾਉਂਦੇ ਹੋਏ ਬਹੁਤ ਖੁਸ਼ ਨਜ਼ਰ ਆਏ। ਪੁਜੀਸ਼ਨਾਂ ਹਾਸਲ ਕਰਨ ਵਾਲੇ ਬੱਚਿਆਂ ਨੂੰ ਤੋਹਫੇ਼ ਦੇ ਨਾਲ-ਨਾਲ ਨਕਦ ਇਨਾਮ ਵੀ ਦਿੱਤੇ ਗਏ।
ਇਸ ਮੌਕੇ ਹਾਜ਼ਰ ਮਾਪਿਆਂ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਸੰਸਕਾਰ ਵੈਲੀ ਸਕੂਲ ਵੱਲੋਂ ਬੱਚਿਆਂ ਦੀ ਸਿਰਜਣਾਤਮਕਤਾ ਨੂੰ ਪੇਸ਼ ਕਰਨ ਦਾ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ ਅਤੇ ਸਕੂਲ ਵਿੱਚ ਇਸ ਗਤੀਵਿਧੀ ਦੇ ਪ੍ਰਬੰਧ ਵੀ ਬਹੁਤ ਵਧੀਆ ਢੰਗ ਨਾਲ ਕੀਤੇ ਗਏ ਹਨ। ਇਸ ਮੁਕਾਬਲੇ ਦੀ ਜੱਜਮੈਂਟ ਲਈ ਸ਼੍ਰੀਮਤੀ ਸੰਧਿਆ ਭੂਮਕ ਨੂੰ ਬੁਲਾਇਆ ਗਿਆ ਸੀ।
ਸਕੂਲ ਦੇ ਚੇਅਰਮੈਨ ਧਰਮਵੀਰ ਗਰਗ ਨੇ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਭਵਿੱਖ ਵਿੱਚ ਵੀ ਅਜਿਹੇ ਮੁਕਾਬਲੇ ਕਰਵਾਏ ਜਾਣਗੇ ਤਾਂ ਜੋ ਸਕੂਲ ਦੇ ਨਾਲ-ਨਾਲ ਸਾਰੇ ਬੱਚਿਆਂ ਨੂੰ ਸਮੇਂ-ਸਮੇਂ 'ਤੇ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਮਿਲ ਸਕੇ। ਅੰਤ ਵਿੱਚ ਸਕੂਲ ਦੇ ਮੁੱਖ ਅਧਿਆਪਕਾ ਅਮਨ ਨਿੱਝਰ ਜੀ ਨੇ ਆਏ ਹੋਏ ਸਾਰੇ ਮਾਪਿਆਂ ਦਾ ਧੰਨਵਾਦ ਕੀਤਾ ਅਤੇ ਬੱਚਿਆਂ ਨੂੰ ਰਿਫਰੈਸ਼ਮੈਂਟ ਵੀ ਦਿੱਤੀ ਗਈ।